ਅਜਿਹੀ ਅਰਥ ਵਿਵਸਥਾ ਹੋਵੇ, ਜਿਸ ਵਿਚ ਸਾਰਿਆਂ ਦੀ ਹਿੱਸੇਦਾਰੀ ਹੋਵੇ-ਓਬਾਮਾ
ਰਾਸ਼ਟਰਪਤੀ ਓਬਾਮਾ ਨੇ ਰਾਸ਼ਟਰ ਦੇ ਨਾਂ ਜਾਰੀ ਕੀਤੇ ਸੰਦੇਸ਼ ਵਿਚ ਗਿਣਾਈਆਂ ਆਪਣੀ ਸਰਕਾਰ ਦੀਆਂ ਉਪਲਬਧੀਆਂ
ਵਾਸ਼ਿੰਗਟਨ/ਡੇਲੀ ਬਿਊਰੋ/ਜਨਵਰੀ 24-2012-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰ ਦੇ ਨਾਂ ਸੰਦੇਸ਼ ਵਿਚ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਅਤੇ ਕਿਹਾ ਕਿ ਉਹ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਵਿਰੋਧੀ ਕਰਨਗੇ ਜੋ ਪੁਰਾਣੀਆਂ ਨੀਤੀਆਂ ਨੂੰ ਵਾਪਸ ਲਿਆਉਣਗੀਆਂ।
ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਿਤ ਕਰਦਿਆਂ ਓਬਾਮਾ ਨੇ ਇਰਾਕ, ਅਫਗਾਨਿਸਤਾਨ ਅਤੇ ਓਸਾਮਾ ਬਿਨ ਲਾਦੇਨ ਦਾ ਜ਼ਿਕਰ ਕੀਤਾ, ਪਰ ਉਹਨਾਂ ਦਾ ਪੂਰਾ ਧਿਆਨ ਅਮਰੀਕੀ ਅਰਥ ਵਿਵਸਥਾ ਉਤੇ ਰਿਹਾ।
ਓਬਾਮਾ ਨੇ ਕਿਹਾ ਕਿ ਉਹ ਅਜਿਹੀ ਅਰਥ ਵਿਵਸਥਾ ਚਾਹੁੰਦੇ ਹਨ, ਜਿਸ ਵਿਚ ਸਾਰਿਆਂ ਦਾ ਸਹਿਯੋਗ ਹੋਵੇ, ਮਿਹਨਤ ਕਰਨ ਵਾਲਿਆਂ ਨੂੰ ਫਾਇਦਾ ਹੋਵੇ ਅਤੇ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਨੂੰ ਮੌਕਾ ਮਿਲੇ।
ਉਹਨਾਂ ਨੇ ਕਿਹਾ ਕਿ ḔḔਅਸੀਂ ਜਦੋਂ ਸੱਤਾ ਵਿਚ ਆਏ ਤਾਂ ਹਾਲਾਤ ਬਹੁਤ ਖਰਾਬ ਸਨ। ਮੰਦੀ ਦੇ ਦੌਰਾਨ ਨੌਕਰੀਆਂ ਜਾ ਰਹੀਆਂ ਸਨ। ਅਸੀਂ ਜਦੋਂ ਤੱਕ ਨੀਤੀਆਂ ਬਣਾਉਂਦੇ ਹੋਰ ਨੌਕਰੀਆਂ ਗਈਆਂ। ਮੈਨੂਫੈਕਚਰਿੰਗ ਸੈਕਟਰ ਦੀ ਹਾਲਤ ਖਰਾਬ ਸੀ। ਆਊਟਸੋਰਸਿੰਗ ਹੋ ਰਹੀ ਸੀ। ਅਸੀਂ ਇਸਨੂੰ ਰੋਕਿਆ, ਨੀਤੀਆਂ ਬਣਾਈਆਂ, ਅੱਜ ਜਨਰਲ ਮੋਟਰਸ ਵਰਗੀਆਂ ਕੰਪਨੀਆਂ ਫਿਰ ਇਕ ਵਾਰ ਦੁਨੀਆਂ ਦੀਆਂ ਨੰਬਰ ਇਕ ਆਟੋ ਕੰਪਨੀਆਂ ਵਿਚ ਸ਼ਾਮਲ ਹਨ।
ਉਹਨਾਂ ਕਿਹਾ ਕਿ ਅਮਰੀਕਾ ਦੀ ਕੋਈ ਕੰਪਨੀ ਆਪਣੀਆਂ ਨੌਕਰੀਆਂ ਦੂਜੇ ਦੇਸ਼ਾਂ ਵਿਚ ਭੇਜੇਗੀ ਤਾਂ ਵੀ ਉਸਨੂੰ ਨਿਰਧਾਰਿਤ ਟੈਕਸ ਦੇਣਾ ਹੋਵੇਗਾ ਕਿਉਂਕਿ ਇਹ ਅਮਰੀਕੀ ਅਰਥ ਵਿਵਸਥਾ ਦੇ ਲਈ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਮੈਨੂਫੈਕਚਰਿੰਗ ਸੈਕਟਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ, ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਸ੍ਰੀ ਓਬਾਮਾ ਨੇ ਕਿਹਾ ਕਿ ਅਸੀਂ ਉਹਨਾਂ ਕੰਪਨੀਆਂ ਨੂੰ ਆਰਥਿਕ ਮਦਦ ਦਿਆਂਗੇ ਜੋ ਆਪਣੀਆਂ ਨੌਕਰੀਆਂ ਬਾਹਰ ਨਹੀਂ ਭੇਜਦੀਆਂ, ਆਊਟਸੋਰਸ ਨਾ ਕਰਦੀਆਂ ਹੋਣ, ਬਲਕਿ ਉਹਨਾਂ ਕੰਪਨੀਆਂ ਦੀ ਮਦਦ ਕਰਾਂਗੇ ਜੋ ਅਮਰੀਕਾ ਵਿਚ ਨੌਕਰੀਆਂ ਵਧਾਉਣਗੀਆਂ।
ਓਬਾਮਾ ਨੇ ਕਿਹਾ ਕਿ ਪੁਰਾਣੀਆਂ ਨੀਤੀਆਂ ਦਾ ਨੁਕਸਾਨ ਅਸੀਂ ਦੇਖਿਆ ਹੈ, ਮੰਦੀ ਦੇਖੀ ਹੈ, ਮੈਂ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਰੱਜ ਕੇ ਵਿਰੋਧ ਕਰਾਂਗਾ, ਜਿਸ ਤੋਂ ਪੁਰਾਣੀਆਂ ਨੀਤੀਆਂ ਫਿਰ ਤੋਂ ਲਾਗੂ ਹੋ ਜਾਣ।
ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਦਾ ਇਸ਼ਾਰਾ ਰਿਪਬਲਿਕਨ ਪਾਰਟੀ ਵੱਲ ਸੀ ਕਿਉਂਕਿ ਇਸ ਸਾਲ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਫਿਰ ਤੋਂ ਚੋਣਾਂ ਹੋਣ ਵਾਲੀਆਂ ਹਨ।
ਓਬਾਮਾ ਨੇ ਕਿਹਾ ਕਿ ਉਹ ਅਮਰੀਕੀ ਉਤਪਾਦਨਾਂ ਦੇ ਲਈ ਦੁਨੀਆਂ ਭਰ ਵਿਚ ਬਾਜ਼ਾਰ ਲੱਭਣਗੇ ਅਤੇ ਉਹ ਇਸ ਦੇ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾਣ ਦੇ ਲਈ ਤਿਆਰ ਹਨ। ਉਹਨਾਂ ਕਿਹਾ ਕਿ ਜੋ ਕੋਈ ਵੀ ਦੇਸ਼ ਅਮਰੀਕਾ ਦੇ ਨਾਲ ਗਲਤ ਤਰੀਕੇ ਨਾਲ ਵਪਾਰ ਕਰੇਗਾ, ਉਸ ਤੇ ਨਜ਼ਰ ਰੱਖੀ ਜਾਵੇਗੀ। ਇਸ ਸੰਦਰਭ ਵਿਚ ਉਹਨਾਂ ਨੇ ਚੀਨ ਦਾ ਨਾਂ ਨਹੀਂ ਲਿਆ ਅਤੇ ਕਿਹਾ ਕਿ ਇਕ ਵਿਵਸਥਾ ਬਣਾਈ ਜਾਵੇਗੀ ਤਾਂ ਜੋ ਚੀਨ ਤੋਂ ਆਉਣ ਵਾਲੇ ਸਮਾਨ ਉਤੇ ਨਜ਼ਰ ਰੱਖੀ ਜਾ ਸਕੇ।
ਓਬਾਮਾ ਦੇ ਭਾਸ਼ਣ ਦੇ ਦੌਰਾਨ ਵਾਰ ਵਾਰ ਲੋਕ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ। ਓਬਾਮਾ ਨੇ ਵਿਅਕਤੀ ਵਿਸ਼ੇਸ਼ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਮਰੀਕਾ ਵਿਚ ਹਰ ਵਿਅਕਤੀ ਨੂੰ ਨਵੇਂ ਮੌਕੇ ਲੱਭਣ ਦਾ ਹੱਕ ਹੈ ਅਤੇ ਇਸ ਦੇ ਲਈ ਉਹਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿਹਨਾਂ ਲੋਕਾਂ ਦੇ ਕੋਲ ਵਿਸ਼ੇਸ਼ ਕਿਸਮ ਦੀ ਯੋਗਤਾ ਹੈ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮਾਂ ਦੇ ਜਾਲ ਤੋਂ ਬਚਾਉਣ ਦੀ ਵੀ ਸਖਤ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਾ ਖੇਤਰ ਅਤਿਅੰਤ ਮਹੱਤਵਪੂਰਨ ਹੈ ਅਤੇ ਇਸ ਖੇਤਰ ਵਿਚ ਪੈਸਾ ਲਗਾਉਣ ਦੀ ਲੋੜ ਹੈ। ਉਹਨਾਂ ਨੇ ਹਰ ਸੂਬੇ ਵਿਚ ਅਜਿਹੀ ਵਿਵਸਥਾ ਲਿਆਉਣ ਦੀ ਗੱਲ ਕਹੀ ਤਾਂ ਜੋ ਕੋਈ ਵੀ ਵਿਦਿਆਰਥੀ ਆਪਣੀ ਸਿੱਖਿਆ ਅੱਧ ਵਿਚਕਾਰ ਨਾ ਛੱਡ ਦੇਵੇ।
ਉਹਨਾਂ ਕਿਹਾ ਕਿ ਇਸ ਕਮਰੇ ਵਿਚ ਬੈਠਿਆ ਹਰ ਵਿਅਕਤੀ ਕਿਸੇ ਨਾ ਕਿਸੇ ਅਧਿਆਪਕ ਨੂੰ ਜ਼ਰੂਰ ਯਾਦ ਰੱਖਦਾ ਹੈ, ਕਿਉਂਕਿ ਅਧਿਆਪਕਾਂ ਨੇ ਸਾਨੂੰ ਜੀਵਨ ਬਦਲਣ ਦਾ ਮੌਕਾ ਦਿੱਤਾ ਹੈ। ਅਧਿਆਪਕਾਂ ਦਾ ਵੱਡਾ ਯੋਗਦਾਨ ਹੈ, ਇਸ ਕਰਕੇ ਸਾਨੂੰ ਅਧਿਆਪਕਾਂ ਦੀ ਮਦਦ ਕਰਨੀ ਹੋਵੇਗੀ, ਪਰ ਉਹਨਾਂ ਦੀ ਜੋ ਸਹੀ ਮਾਅਨੇ ਵਿਚ ਬੱਚਿਆਂ ਦੀ ਮਦਦ ਕਰ ਰਹੇ ਹਨ।

Share