ਪੰਜਾਬੀ ਪ੍ਰੈੱਸ ਕਲੱਬ ਦੀ ਸਲਾਨਾ ਕਾਨਫਰੰਸ ਵਿੱਚ ਅਹਿਮ ਫੈਸਲੇ ਲਏ ਗਏ
ਪੰਜਾਬੀ ਦੀ ਡਿਕਸ਼ਨਰੀ, ਅੱਖਰਮਾਲਾ, ਸੋਸ਼ਲ ਸੰਸਥਾ ਅਤੇ ਕਲੱਬ ਦਾ ਦਫਤਰ ਸਥਾਪਤ ਕਰਨ ਦੀਆਂ ਯੋਜਨਾਵਾਂ
ਕਲੱਬ ਹਰ ਮੈਂਬਰ ਦੀ ਤਰਫਦਾਰੀ ਕਰੇਗੀ
ਅਵਤਾਰ ਸਿੰਘ ਰੱਖੜਾ ਨਵਾਂ ਕੋਆਰਡੀਨੇਟਰ ਨਿਯੁਕਤ
ਮਿਸੀਸਾਗਾ/ਉਨਟਾਰੀਓ
ਅਕਤੂਬਰ 12, 2009
ਨਿਆਗਰਾ ਫਾਲਜ਼ ਦੇ ਫਾਲਜ਼ਵਿਊ ਹੋਟਲ ਵਿੱਚ 25-26 ਜੁਲਾਈ ਸੰਨ 2002 ਨੂੰ ਪੰਜਾਬੀ ਪ੍ਰੈੱਸ ਕਲੱਬ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਟਰਾਂਟੋ ਵਿੱਚ ਛਪਦੀਆਂ ਪ੍ਰਮੁੱਖ ਪੰਜਾਬੀ ਅਖਬਾਰਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਪੱਤਰਕਾਰੀ ਨੂੰ ਹੋਰ ਮਜਬੂਤੀ ਨਾਲ ਸਥਾਪਤ ਕਰਨ ਲਈ ਇਸ ਨੂੰ ਜਾਬਤੇ ਦੀਆਂ ਸੀਮਾਵਾਂ ਵਿੱਚ ਲਿਆਂਦਾ ਜਾਵੇ। ਪੰਜਾਬੀ ਪੱਤਰਕਾਰੀ ਦੇ ਇਤਹਾਸ ਵਿੱਚ ਉਹ ਇਨਕਲਾਬੀ ਪਲ ਸਨ ਜਦੋਂ ਇਸ ਸੰਸਥਾ ਦਾ ਮੁੱਢ ਬੱਝਿਆ ਸੀ।
ਸੰਨ 2002 ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਨੂੰ ਹਰ ਰਵਾਇਤੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਮਜਬੂਤ ਨੀਹਾਂ ਅਤੇ ਦ੍ਰਿੜ ਇਰਾਦਿਆਂ ਨੇ ਇਸ ਨੂੰ ਹਰ
ਝੱਖੜ ਚੋਂ ਬਚਾ ਕੇ ਰੱਖਿਆ। ਇਹ ਸੰਸਥਾ, ਸੁਆਰਥ ਰਹਿਤ ਮੀਡੀਏ ਨੂੰ ਮਜਬੂਤ ਕਰਨ ਵਿੱਚ ਕਾਰਗਰ ਸਿੱਧ ਹੋ ਰਹੀ ਹੈ। ਅੱਜ ਪੰਜਾਬੀ ਸਮਾਜ ਵਿੱਚ ਹਰ ਉਸ ਮੀਡੀਆ ਨੂੰ ਸਤਿਕਾਰਯੋਗ ਸਮਝਿਆ ਜਾਂਦਾ ਹੈ ਜਿਹੜਾ ਪੰਜਾਬੀ ਪ੍ਰੈੱਸ ਕਲੱਬ ਦਾ ਮੈਂਬਰ ਹੈ, ਕਿਉਂਕਿ ਅੱਜ ਦਾ ਪਾਠਕ, ਸਰੋਤਾ ਜਾਂ ਦਰਸ਼ਕ ਇਹ ਸਮਝਦਾ ਹੈ ਕਿ ਮੀਡੀਆ ਦੀ ਬੁਰਛਾਗਰਦੀ ਅਤੇ ਸੁਆਰਥੀਪਣ, ਸਮਾਜ ਨੂੰ ਨੁਕਸਾਨ ਦੇਹ ਹੈ ਅਤੇ ਜਾਬਤੇ ਵਿੱਚ ਰਹਿ ਕੇ ਵਿਚਰਨ ਵਾਲਾ ਮੀਡੀਆ ਸਮਾਜ ਦੇ ਵਿਕਾਸ ਦਾ ਜ਼ਰੀਆ ਬਣਦਾ ਹੈ। ਪੰਜਾਬੀ ਪ੍ਰੈੱਸ ਕਲੱਬ ਦਾ ਐਲਾਨ, ਸਮਾਜ ਦੇ ਆਗੂ ਵਰਗ ਅਤੇ ਸਮਝਦਾਰ ਵਰਗ ਨੂੰ ਸਮਝ ਪੈਣ ਲੱਗ ਪਿਆ ਹੈ ਕਿ ਇਸ ਸੰਸਥਾ ਵਿੱਚ ਆ ਕੇ ਮੀਡੀਆਕਾਰ, ਸੁਥਰਾ ਅਤੇ ਸੱਚ ਦੇ ਨੇੜੇ ਹੋ ਕੇ ਚੱਲਣ ਲਈ ਮਜਬੂਰ ਹੁੰਦਾ ਹੈ।
ਪੰਜਾਬੀ ਪ੍ਰੈੱਸ ਕਲੱਬ ਦੀ ਅੱਠਵੀਂ ਸਲਾਨਾ ਕਾਨਫਰੰਸ, ਮਿਸੀਸਾਗਾ ਸਥਿਤ ਮੌਂਟੀ ਕਾਰਲੋ ਹੋਟਲ ਦੇ ਬਾਲਰੂਮ 11 ਅਕਤੂਬਰ 2009 ਨੂੰ ਹੋਈ। ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਗੁਰੂ ਮਹਾਰਾਜ਼ ਦੇ ਚਰਨ੍ਹਾਂ ਵਿੱਚ ਅਰਦਾਸ ਕੀਤੀ ਅਤੇ ਮੀਟਿੰਗ ਦਾ ਆਗਾਜ਼ ਹੋਇਆ। ਕੋਆਰਡੀਨੇਟਰ ਜੋਗਿੰਦਰ ਸਿੰਘ ਗਰੇਵਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਆਪਣੇ ਸ਼ੁਰੂਆਤੀ ਭਾਸ਼ਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਨੂੰ ਖਤਮ ਕਰਨ ਦੀਆਂ ਬੜੀਆਂ ਕੋਸ਼ਿਸਾਂ ਹੋ ਚੁੱਕੀਆਂ ਹਨ ਪਰ ਮੀਡੀਏ ਨੂੰ ਮਜਬੂਤ ਕਰਨ ਲਈ ਪ੍ਰੈੱਸ ਕਲੱਬ ਯਤਨਸ਼ੀਲ ਰਹੀ ਹੈ।
ਡਾæ ਰਨਵੀਰ ਸ਼ਾਰਦਾ ਨੂੰ ਮੀਟਿੰਗ ਦੇ ਪਹਿਲੇ ਸੈਸ਼ਨ ਦਾ ਚੇਅਰ ਚੁਣਿਆ ਗਿਆ। ਜਾਣਕਾਰੀ ਬਾਹਰ ਨਾ ਜਾਣ ਦਾ ਵਾਅਦਾ ਕਰਦਿਆਂ ਅਤੇ ਕਰਵਾਉਂਦਿਆਂ ਏਜੰਡੇ ਦੀ ਪ੍ਰਵਾਨਗੀ ਹੋਈ। ਡਾæ ਬਲਵਿੰਦਰ ਸਿੰਘ ਨੇ ਕਾਨਫਰੰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਅੱਠਵੀਂ ਸਲਾਨਾ ਕਾਨਫਰੰਸ ਵਿੱਚ ਅਸੀਂ ਮੁੱਦਿਆਂ ਨੂੰ ਗਹਿਰਾਈ ਵਿੱਚ ਜਾ ਕੇ ਵਿਚਾਰਨਾ ਹੈ। ਅਸੀਂ ਸਮਾਜ ਵਿੱਚ ਸੁਥਰਾਪਣ ਕਾਇਮ ਕਰਨ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਇਸ ਕਾਨਫਰੰਸ ਵਿੱਚ ਫੈਸਲੇ ਲੈਣੇ ਹਨ।
ਜੋਗਿੰਦਰ ਸਿੰਘ ਗਰੇਵਾਲ ਨੇ 2008-2009 ਦੀ ਕਾਰਗੁਜ਼ਾਰੀ ਦੀ ਰਿਪੋਰਟ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਵਿੱਚ ਅਸੀਂ ਫੈਡਰਲ ਚੋਣਾਂ ਦੌਰਾਨ ਸਫਲ ਬਹਿਸਾਂ ਕਰਵਾਈਆਂ, ਜਿਸ ਵਿੱਚ ਬਰੈਂਪਟਨ ਸਪਰਿੰਗਡੇਲ ਦੀ ਵਰਨਣਯੋਗ ਹੈ, ਜਦੋਂ ਹਰ ਇੱਕ ਨੂੰ ਇਕ ਖਦਸ਼ਾ ਸੀ ਪੰਜਾਬੀ ਪ੍ਰੈੱਸ ਕਲੱਬ ਪੱਖਪਾਤ ਕਰਕੇ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੇਗੀ ਪਰ ਇਸ ਦੇ ਬਾਵਜੂਦ ਇਸ ਬਹਿਸ ਵਿੱਚ ਸ਼ਾਮਲ ਹਰ ਉਮੀਦਵਾਰ ਨੇ ਪ੍ਰੱਸ ਕਲੱਬ ਦੇ ਯਤਨ ਦੀ ਸ਼ਲਾਘਾ ਕੀਤੀ।
ਪੰਜਾਬੀ ਪ੍ਰੈੱਸ ਕਲੱਬ ਨੇ ਇੰਮੀਗ੍ਰੇਸ਼ਨ ਬਿੱਲ ਵਿੱਚ ਕੀਤੀਆਂ ਗਈਆਂ ਤਰਮੀਮਾਂ ਬਾਰੇ ਜਬਰਦਸਤ ਸੈਮੀਨਾਰ ਕਰਵਾਇਆ। ਇੰਮੀਗ੍ਰੇਸ਼ਨ ਦੇ ਬਿੱਲ ਸੀ-50 ਬਾਰੇ ਕਰਵਾਏ ਸੈਮੀਨਾਰ ਵਿੱਚ ਲਿਬਰਲ ਦੇ ਇੰਮੀਗ੍ਰੇਸ਼ਨ ਕ੍ਰਿਟਿਕ ਮੁਰੀਜੀਓ ਬੈਵਲਾਕੁਆ, ਐਨ ਡੀ ਦੀ ਇੰਮੀਗ੍ਰੇਸ਼ਨ ਕ੍ਰਿਟਿਕ ਅਲੀਵੀਆ ਚਾਓ ਅਤੇ ਡਾæ ਰੂਬੀ ਢਾਲਾ ਨੇ ਹਿੱਸਦਾ ਲਿਆ ਸੀ। ਪ੍ਰੈੱਸ ਕਲੱਬ ਦੇ ਮੈਂਬਰਾਂ ਵਲੋਂ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਵਿੱਚ ਵਿੱਕੀ ਢਿਲੋਂ ਦੇ ਉਪਰਾਲਿਆਂ ਸਦਕਾ ਡੋਡਿਆਂ ਨੂੰ ਨਸ਼ਾ ਘੋਸ਼ਿਤ ਕਰਵਾਇਆ ਗਿਆ ਅਤੇ ਇਸ ਜ਼ਹਿਰ ਨੂੰ ਵੇਚਣ ਵਾਲਿਆਂ ਤੇ ਛਾਪੇ ਪਏ ਅਤੇ ਗ੍ਰਿਫਤਾਰੀਆਂ ਹੋਈਆਂ। ਪ੍ਰੈੱਸ ਕਲੱਬ ਵਲੋਂ ਵਿੱਕੀ ਢਿਲੋਨ ਨੂੰ ਮੀਟਿੰਗ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਗਾਲਾ ਤੇ ਵੀ ਸਨਮਾਨਿਤ ਕੀਤਾ ਜਾਵੇਗਾ।
ਲੰਘੀਆਂ ਚੋਣਾਂ ਵਿੱਚ ਰੇਡੀਓ ਸੰਗੀਤ ਨੂੰ ਇੱਕ ਉਮੀਦਵਾਰ ਵਲੋਂ ਆਈ ਵਕੀਲ ਦੀ ਚਿੱਠੀ ਦਾ ਜੁਆਬ ਦਿੱਤਾ ਅਤੇ ਰੇਡੀਓ ਸੰਗੀਤ ਦੇ ਹੱਕ ਵਿੱਚ ਚਿੱਠੀ ਲਿਖ ਕੇ ਉਸਦਾ ਪੱਖ ਪੂਰਿਆ ਗਿਆ, ਜਦੋਂ ਕਿ ਇਸ ਸਬੰਧੀ ਰੇਡੀਓ ਸੰਗੀਤ ਦੇ ਮੈਂਬਰਾਂ ਨੂੰਂ ਵੀ ਇੱਕ ਮੀਟਿੰਗ ਵਿੱਚ ਸਾਵਧਾਨ ਕੀਤਾ ਗਿਆ ਕਿ ਪੱਤਰਕਾਰੀ ਜਾਂ ਰੇਡੀਓ ਸੰਚਾਲਨ ਵੇਲੇ ਪੱਖਪਾਤੀ ਅਤੇ ਵਿਅਕਤੀਗਤ ਵਿਅੰਗ ਤੋਂ ਗੁਰੇਜ਼ ਕੀਤਾ ਜਾਵੇ।
ਇਨ੍ਹਾਂ ਹੀ ਚੋਣਾਂ ਦਰਮਿਆਨ ਡਾæ ਰੂਬੀ ਢਾਲਾ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਦਾ ਪੰਜਾਬੀ ਪ੍ਰੈੱਸ ਕਲੱਬ ਨੇ ਸਖਤ ਨੋਟਿਸ ਲਿਆ ਅਤੇ ਪ੍ਰੈੱਸ ਨੋਟ ਜਾਰੀ ਕਰਕੇ ਇਸਦੀ ਨਿਖੇਧੀ ਕੀਤੀ। ਗਰੇਵਾਲ ਨੇ ਪੰਜਾਬੀ ਪ੍ਰੈੱਸ ਕਲੱਬ ਦੀਆਂ ਪ੍ਰਾਪਤੀਆਂ ਵਿੱਚ ਦੱਸਿਆ ਕਿ ਅਜੈ ਸ਼ਰਮਾ ਦੀ ਬੇਵਕਤੀ ਮੌਤ ਤੇ ਪ੍ਰੈੱਸ ਕਲੱਬ ਨੇ ਫੰਡ ਰੇਜਿੰਗ ਕੀਤੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਵਿੱਚ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਸੁਖਮਿੰਦਰ ਸਿੰਘ ਹੰਸਰਾ, ਮਨਜੀਤ ਸਿੰਘ ਮਾਂਗਟ ਅਤੇ ਸੁਖਦੇਵ ਸਿੰਘ ਗਿੱਲ ਨੇ ਜੋਗਿੰਦਰ ਸਿੰਘ ਗਰੇਵਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਸ੍ਰæ ਹੰਸਰਾ ਨੇ ਕਿਹਾ ਕਿ ਜਦੋਂ ਪ੍ਰੈੱਸ ਕਲੱਬ ਦਾ ਖੁਰਾ ਖੋਜ ਮਿਟਾਉਣ ਦੀ ਚਾਲ ਚੱਲੀ ਜਾ ਰਹੀ ਸੀ ਤਾਂ ਪੰਜਾਬੀ ਪ੍ਰੈੱਸ ਕਲੱਬ ਦੀ ਵਾਂਗਡੋਰ ਸੰਭਾਲ ਕੇ ਸ੍ਰæ ਗਰੇਵਾਲ ਨੇ ਇਸ ਨੂੰ ਉਸਾਰੂ ਸੇਧ ਦਿੱਤੀ ਅਤੇ ਮੁੜ ਬੁਲੰਦੀਆਂ ਤੇ ਪਹੁੰਚਾ ਦਿੱਤਾ। ਸਰਬਸੰਮਤੀ ਨਾਲ ਗਰੇਵਾਲ ਵਲੋਂ ਨਿਭਾਈਆਂ ਸੇਵਾਵਾਂ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ।
ਪੰਜਾਬੀ ਪ੍ਰੈੱਸ ਕਲੱਬ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਮਨਜੀਤ ਸਿੰਘ ਮਾਂਗਟ ਨੇ ਇਸ ਮੌਕੇ ਕਿਹਾ ਕਿ ਪ੍ਰੈੱਸ ਕਲੱਬ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਇਸ ਨੂੰ ਐਨੀ ਅਹਿਮ ਸੰਸਥਾ ਬਣਾ ਦਿੱਤਾ ਜਾਵੇ ਤਾਂ ਕਿ ਮੀਡੀਆਕਾਰ ਖੁਦ ਬ ਖੁਦ ਮੈਂਬਰ ਬਣਨ ਦੀ ਇੱਛਾ ਪ੍ਰਗਟ ਕਰਨ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕਲੱਬ ਦੇ ਹਰ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਕਾਰਜ ਵਿੱਚ ਪ੍ਰੈੱਸ ਕਲੱਬ ਦਾ ਨਾਮ ਸ਼ਾਮਲ ਕਰਨ। ਰੇਡੀਓ, ਟੀ ਵੀ ਅਤੇ ਅਖਬਾਰਾਂ ਵਿੱਚ ਪ੍ਰੈੱਸ ਕਲੱਬ ਦੇ ਕੰਮਾਂ ਨੂੰ ਨਿਤਾ ਪ੍ਰਤੀ ਪ੍ਰਮੋਟ ਕੀਤਾ ਜਾਵੇ। ਡਾæ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਹਰ ਮੈਂਬਰ ਨੂੰ, ਪ੍ਰੈੱਸ ਕਲੱਬ ਨੂੰ ਪਹਿਲ ਦੇ ਆਧਾਰ ਤੇ ਪ੍ਰਮੋਟ ਕਰਨਾ ਚਾਹੀਦਾ ਹੈ। ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪ੍ਰੈੱਸ ਕਲੱਬ ਨੂੰ ਹਰ ਪੱਖ ਤੋਂ ਅਹਿਮੀਅਤ ਦੇਣੀ ਚਾਹੀਦੀ ਹੈ।
ਪੰਜਾਬੀ ਦੀ ਡਿਕਸ਼ਨਰੀ ਬਣਾਉਣ ਲਈ ਦੀਰਘ ਵਿਚਾਰਾਂ ਕੀਤੀਆਂ ਗਈਆਂ। ਮੀਡੀਆ ਜਥੇਬੰਦੀ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਮੌਕੇ ਉਪਲੱਵਧ ਪੰਜਾਬੀ ਡਿਕਸ਼ਨਰੀਆਂ ਮੁਕੰਮਲ ਨਹੀਂ ਹਨ। ਇਸ ਡਿਕਸ਼ਨਰੀ ਨੂੰ ਡਿਗੀਟਲ ਅਤੇ ਪ੍ਰਕਾਸ਼ਨ ਰੂਪ ਵਿੱਚ ਬਣਾਇਆ ਜਾਵੇ। ਇਸ ਮੌਕੇ ਇੱਕ ਕਮੇਟੀ ਡਾæ ਸਲਮਾਨ ਨਾਜ਼, ਕਿਰਪਾਲ ਸਿੰਘ ਪੰਨੂ, ਡਾ. ਬਲਜਿੰਦਰ ਸਿੰਘ ਸੇਖੋਂ ਅਤੇ ਜੋਗਿੰਦਰ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਜਾਵੇ। ਜੋਗਿੰਦਰ ਸਿੰਘ ਗਰੇਵਾਲ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਅਗਲੀ ਮੀਟਿੰਗ ਵਿੱਚ ਹੋਰ ਵਿਚਾਰਾਂ ਕੀਤੀਆਂ ਜਾਣਗੀਆਂ।
ਪੰਜਾਬੀ ਲਫਜ਼ਾਂ ਦਾ ਸੁੱਧ ਉਚਾਰਣ ਬੜਾ ਜਰੂਰੀ ਹੈ ਇਸ ਬਾਰੇ ਵਿਚਾਰਾਂ ਕੀਤੀਆਂ ਗਈਆਂ ਕਿ ਪੰਜਾਬੀ ਪ੍ਰੈੱਸ ਕਲੱਬ ਵਲੋਂ ਇੱਕ ਅੱਖਰਮਾਲਾ ਦਾ ਚਾਰਟ ਬਣਨਾ ਚਾਹੀਦਾ ਹੈ। ਇੱਕ ਸੁਝਾਅ ਆਇਆ ਕਿ ਇੱਕ ਦਿਨ ਰੇਡੀਓ ਪ੍ਰੋਗ੍ਰਾਮ ਸੁਣ ਕੇ ਅੱਖਰ ਨੋਟ ਕੀਤੇ ਜਾਣ ਅਤੇ ਉਸ ਤੋਂ ਰੇਡੀਓ ਸੰਚਾਲਕਾਂ ਨੂੰ ਜਾਣੂ ਕਰਵਾਇਆ ਜਾਵੇ। ਸੁਖਦੇਵ ਸਿੰਘ ਗਿੱਲ ਨੇ ਇਸ ਮੌਕੇ ਸੀਮਤ ਸਮ੍ਹੇਂ ਦਾ ਜਾਬਤਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਡਾæ ਬਲਜਿੰਦਰ ਸਿੱੰਘ ਸੇਖੋਂ ਨੇ ਕਿਹਾ ਕਿ ਸਾਡੀ ਬੋਲੀ ਵਿਗੜ ਰਹੀ ਹੈ। ਉਦਾਹਰਣ ਦੇ ਤੌਰ ਤੇ “ਗਰੌਸਰੀ ਕਰਨ ਜਾਣਾ” ਜਦੋਂ ਕਿ ਅਸਲ ਮਾਅਨਿਆਂ ਵਿੱਚ “ਗਰੌਸਰੀ ਲੈਣ ਜਾਣਾ” ਹੋਣਾ ਚਾਹੀਦਾ ਹੈ। ਜਾਂ “ਕੁੜੀ ਨੂੰ ਚੁੱਕਣ ਜਾਣਾ” ਜਦੋਂ ਕਿ ਹੋਣਾ ਚਾਹੀਦਾ ਹੈ “ਕੁੜੀ ਨੂੰ ਲੈਣ ਜਾਣਾ” ਜਾਂ “ਅਖੰਡਪਾਠ ਸਾਹਿਬ ਦਾ ਭੋਗ ਪੈ ਰਿਹਾ ਹੈ” ਜਦੋਂ ਕਿ ਹੋਣਾ ਚਾਹੀਦਾ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੈ ਰਿਹਾ ਹੈ” ਆਦਿ ਆਦਿ। ਜੋਗਿੰਦਰ ਸਿੰਘ ਗਰੇਵਾਲ ਦੀ ਦੇਖਰੇਖ ਹੇਠ, ਡਾ ਸਲਮਾਨ ਨਾਜ਼ ਦੇ ਸਹਿਯੋਗ ਨਾਲ ਅੱਖਰਮਾਲਾ ਤਿਆਰ ਕੀਤੀ ਜਾਵੇਗੀ ਅਤੇ ਹਰ ਮੈਂਬਰ ਨੂੰ ਇਹ ਚਾਰਟ ਮੁਹਈਆ ਕੀਤਾ ਜਾਵੇਗਾ।
ਸਮਾਜਿਕ ਮਸਲਿਆਂ ਪ੍ਰਤੀ ਮੀਡੀਏ ਦੇ ਰੋਲ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਹਨ। ਬਜ਼ੁਰਗਾਂ ਨੂੰ ਕੰਪਿਊਟਰ ਦੀ ਸਿਖਲਾਈ ਦੇਣ ਲਈ ਵਿਚਾਰਾਂ ਕੀਤੀਆਂ ਗਈ। ਇਸ ਬਾਰੇ ਕਿਰਪਾਲ ਸਿੰਘ ਪੰਨੂ ਨੇ ਜ਼ਿੰਮੇਵਾਰੀ ਲਈ। ਇਹ ਕਲਾਸਾਂ ਸਿੱਖ ਲਹਿਰ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਜਾਣਗੀਆਂ ਜਿਸ ਨੂੰ ਪ੍ਰੈੱਸ ਕਲੱਬ ਸਪਾਂਸਰ ਕਰੇਗੀ।
ਡਾæ ਨਾਜ਼ ਨੇ ਇਸ ਮੌਕੇ ਕਿਹਾ ਕਿ ਮੁੰਡੇ ਦੇਣ ਵਾਲੀ ਦੁਆਈ ਵਰਗੀਆਂ ਅਲਾਮਤ ਬਾਰੇ ਮੇਰਾ ਵਿਚਾਰ ਹੈ ਕਿ ਸਾਡਾ ਮੀਡੀਆ ਅਜਿਹੀਆਂ ਅਲਾਮਤਾਂ ਨੂੰ ਕਿਉਂ ਨਹੀਂ ਉਘਾੜ ਰਿਹਾ। ਇਥੇ ਇਹ ਵੀ ਵਿਚਾਰ ਤੁਰੀ ਕਿ ਸਾਡਾ ਭਾਈਚਾਰਾ ਅੰਗਰੇਜ਼ੀ ਅਖਬਾਰ ਵਿੱਚ ਆਈਆਂ ਰਿਪੋਰਟਾਂ ਨੂੰ ਤਾਂ ਗੰਭੀਰਤਾ ਨਾਲ ਲੈਂਦਾ ਹੈ ਪਰ ਅਗਰ ਉਹੀ ਗੱਲ ਪੰਜਾਬੀ ਮੀਡੀਏ ਵਿੱਚ ਆਵੇ ਤਾਂ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਫਰੀ ਅਲਾਇੰਸ ਮੀਡੀਆਕਾਰ ਕਰਮ ਸਿੰਘ ਪੂਨੀਆ ਨੇ ਇਸ ਮੌਕੇ ਦੱਸਿਆ ਕਿ ਠੱਗ ਬਾਬਿਆਂ ਬਾਰੇ ਬਹੁਤੇ ਮੀਡੀਆਕਾਰ ਇਸ ਲਈ ਨਹੀਂ ਬੋਲਦੇ ਕਿਉਂਕਿ ਉਹ ਅਦਾਲਤੀ ਕਾਰਵਾਈ ਤੋਂ ਡਰਦੇ ਹਨ, ਇਸ ਲਈ ਕੋਈ ਕਾਨੂੰਨੀ ਫਰਮ ਹਾਇਰ ਕੀਤੀ ਜਾਵੇ ਤਾਂ ਕਿ ਇਹ ਡਰ ਚੁੱਕਿਆ ਜਾ ਸਕੇ। ਕਰਮ ਸਿੰਘ ਪੂਨੀਆ ਕਾਨੂੰਨੀ ਲਾਅ ਫਰਮ ਨਾਲ ਗੱਲ ਕਰਕੇ ਇਸ ਮਸਲੇ ਨੂੰ ਅਗਲੀ ਮੀਟਿੰਗ ਵਿੱਚ ਇਸ ਬਾਰੇ ਦੱਸੇਗਾ।
ਭਾਈਚਾਰੇ ਦੀ ਧੜੇਬੰਦੀ ਬਾਰੇ ਇਹ ਵਿਚਾਰਾਂ ਸਾਹਮਣੇ ਆਈਆਂ ਹਨ ਕਿ ਭਾਈਚਾਰੇ ਵਿੱਚ ਬਹੁਤੇ ਪਾੜੇ ਮੀਡੀਏ ਦੀ ਹੀ ਦੇਣ ਹਨ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕੈਲਗਰੀ ਐਂਟੀ ਡਰੱਗ ਆਰਗੇਨਾਈਜੇਸ਼ਨ, ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਦਾ ਧੰਨਵਾਦ ਕੀਤਾ ਗਿਆ ਜੋ ਭਾਈਚਾਰੇ ਵਿੱਚ ਨਸ਼ਿਆਂ ਵਿਰੁੱਧ ਸੰਘਰਸ਼ਸ਼ੀਲ ਹਨ। ਇਸ ਮੀਟਿੰਗ ਵਿੱਚ ਸਮਾਜ ਅਤੇ ਸਮਾਜਿਕ ਆਗੂ ਵਰਗ ਨੂੰ ਨਸ਼ਿਆਂ ਦੀ ਤਸਕਰੀ ਦੇ ਵਿਰੁੱਧ ਕਮਰਕਸੇ ਕਸਣ ਦੀ ਅਪੀਲ ਕੀਤੀ ਗਈ ਹੈ।
ਪੀਲੀ ਪੱਤਰਕਾਰੀ ਦੀ ਇਸ ਕਾਨਫਰੰਸ ਵਿੱਚ ਰੱਜ ਕੇ ਨਿਖੇਧੀ ਕੀਤੀ ਗਈ। ਚੰਗੀ ਪੱਤਰਕਾਰੀ ਦਾ ਮੁੱਖੜਾ ਸੁਆਰਨ ਲਈ ਵੱਖ ਵੱਖ ਮੈਂਬਰਾਂ ਨੇ ਵਿਚਾਰਾਂ ਦਿੱਤੀਆਂ।
ਰੇਡੀਓ ਅਤੇ ਅਖਬਾਰਾਂ ਐਡਾਂ ਦੀਆਂ ਕੀਮਤਾਂ ਵਿੱਚ ਗਲ੍ਹਵੱਢ ਮੁਕਾਬਲਿਆਂ ਬਾਰੇ ਚਿੰਤੁਤ ਮੈਂਬਰਾਂ ਨੇ ਕਾਫੀ ਦੀਰਘ ਵਿਚਾਰਾਂ ਕੀਤੀਆਂ। ਇਸ ਮੁੱਦੇ ਨੂੰ ਵਿਚਾਰਦਿਆਂ ਇਹ ਗੱਲ ਸਾਹਮਣੇ ਆਈ ਕਿ ਬਹੁਤਾਤ ਵਿੱਚ ਰੇਡੀਓ ਅਤੇ ਅਖਬਾਰ ਨਵੀਸ ਐਡ ਲੈਣ ਨੂੰ ਤਰਜੀਹ ਦਿੰਦੇ ਹਨ ਨਾਂ ਕਿ ਆਪਣੇ ਕੰਮ ਦੀ ਕੁਆਲਟੀ ਨੂੰ ਉਚਿੱਤ ਕਰਕੇ ਐਡਾਂ ਦੇ ਚੰਗੇ ਰੇਟ ਨਿਧਾਰਤ ਕਰਨ ਨੂੰ। ਟਹਿਲ ਸਿੰਘ ਬਰਾੜ ਨੇ ਦੱਸਿਆ ਕਿ ਪੈਸੇ ਉੱਥੇ ਖਰਚੇ ਜਾਦੇ ਹਨ ਜਿਥੇ ਠੋਕ ਵਜਾ ਕੇ ਐਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਮਹਿਕ ਰੇਡੀਓ ਵਿੱਚ ਐਡ ਲਾਈ ਸੀ, ਜਿਸ ਕਾਰਣ ਮੈਨੂੰ ਐਨਾ ਹੁੰਗਾਰਾ ਮਿਲਿਆ ਕਿ ਮੈਥੋਂ ਕਾਲਾਂ ਸੰਭਾਲ ਨਹੀਂ ਹੋਈਆਂ। ਸ੍ਰæ ਬਰਾੜ ਨੇ ਮਹਿਕ ਰੇਡੀਓ ਦੇ ਜੁਗਰਾਜ ਸਿੰਘ ਸਿੱਧੂ ਨੂੰ ਮੀਟਿੰਗ ਵਿੱਚ ਸ਼ਾਬਾਸ਼ ਦਿੱਤੀ।
ਰੇਡੀਓ ਰੰਗਲਾ ਪੰਜਾਬ ਦੇ ਸੰਚਾਲਕ ਦਿਲਬਾਗ ਸਿੰਘ ਚਾਵਲਾ ਨੇ ਕਿਹਾ ਕਿ ਕਈ ਰੇਡੀਓ ਵਾਲੇ ਜਾਂ ਅਖਬਾਰਾਂ ਵਾਲੇ ਬਿਨ੍ਹਾਂ ਪੁੱਛਿਆਂ ਐਡਾਂ ਲਾ ਦਿੰਦੇ ਹਨ। ਰੇਡੀਓ ਵਾਲੇ ਕਈ 3 ਸਪਾਟ ਵੇਚ ਕੇ 1-1 ਸਪਾਟ ਲਾਉਂਦੇ ਹਨ ਫਿਰ ਉਨਾਂ ਨੂੰ ਪੈਸੇ ਮਿਲਣੇ ਅਸੰਭਵ ਹੋ ਜਾਂਦੇ ਹਨ। ਉਨਾਂ ਕਿਹਾ ਕਿ ਕੁੱਝ ਗਾਹਕ ਵੀ ਪੈਸੇ ਲੇਟ ਕਰ ਦਿੰਦੇ ਹਨ।
ਆਉਣ ਵਾਲੇ ਸਾਲ ਦੇ ਪ੍ਰਾਜੈਕਟਾਂ ਦਾ ਫੈਸਲਾ ਲੈਂਦਿਆਂ ਤਾਰੀਖਾਂ ਮਿੱਥ ਲਈਆਂ ਹਨ) ਫਰਵਰੀ 2010 ਵਿੱਚ ਯੂਥ ਵਾਏਲੰਸ ਅਤੇ ਡੁਮੈਸਟਿੱਕ ਵਾਇਲੈਂਸ ਤੇ ਕਾਨਫਰੰਸ ਕਰਵਾਈ ਜਾਵੇਗੀ, ਜਿਸ ਨੂੰ ਕੋਆਡੀਨੇਟ ਕਰਨ ਵਾਲੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਸ ਵਿੱਚ ਟਹਿਲ ਸਿੰਘ ਬਰਾੜ ਅਤੇ ਮਨਜੀਤ ਸਿੰਘ ਮਾਂਗਟ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮਈ 2010 ਵਿੱਚ ਨਾਰਥ ਅਮਰੀਕਨ ਪੰਜਾਬੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਉੱਤਰੀ ਅਮਰੀਕਾ ਦੇ ਨਾਮਵਰ ਲੇਖਕਾਂ, ਕਹਾਣੀਕਾਰਾਂ ਅਤੇ ਮੀਡੀਆਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਡਾæ ਸਲਮਾਨ ਨਾਜ਼, ਜੁਗਰਾਜ ਸਿੰਘ ਸਿੱਧੂ ਅਤੇ ਦਿਲਬਾਗ ਸਿੰਘ ਚਾਵਲਾ ਦੇ ਨਾਮ ਹਨ।
ਐਥੀਕਲ ਸੈੱਲ: ਮਨਜੀਤ ਸਿੰਘ ਮਾਂਗਟ, ਡਾæ ਸਲਮਾਨ ਨਾਜ਼ ਅਤੇ ਟਹਿਲ ਸਿੰਘ ਬਰਾੜ ਅਤੇ ਪ੍ਰੈੱਸ ਕਲੱਬ ਦਾ ਵਕੀਲ: ਹਰਮਿੰਦਰ ਸਿੰਘ ਢਿਲੋਂ ਨੂੰ ਨਿਯੁਕਤ ਕੀਤਾ ਗਿਆ ਹੈ।
ਪੰਜਾਬੀ ਪ੍ਰੈੱਸ ਕਲੱਬ ਵਿੱਚ ਸੰਨ 2007 ਵਿੱਚ ਇੱਕ ਮਤਾ ਪਾਸ ਕਰਕੇ ਸਮਾਜਿਕ ਸੰਸਥਾ ਬਣਾਉਣ ਦੀ ਤਜਵੀਜ਼ ਪਾਸ ਕੀਤੀ ਗਈ ਸੀ। ਇਸ ਸਾਲ ਫਿਰ ਕਲੱਬ ਨੇ ਮਹਿਸੂਸ ਕੀਤਾ ਹੈ ਕਿ ਸਮਾਜ ਵਿੱਚ ਵੱਧ ਰਹੀਆਂ ਮੁਸ਼ਕਲਾਂ ਪ੍ਰਤੀ ਅਸੀਂ ਸਾਰੇ ਅਵੇਸਲ੍ਹੇ ਹਾਂ, ਪੰਜਾਬੀ ਪ੍ਰੈੱਸ ਕਲੱਬ ਇੱਕ ਸੋਸ਼ਲ ਸੰਸਥਾ ਬਣਾਉਣ ਲਈ ਉਪਰਾਲਾ ਵਿੱਢੇਗੀ ਜਿਸ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਐਜੂਕੇਸ਼ਨਲ ਪ੍ਰੋਗ੍ਰਾਮ ਉਲੀਕੇ ਜਾਣਗੇ। ਜਲਦੀ ਹੀ ਪੰਜਾਬੀ ਪ੍ਰੈੱਸ ਕਲੱਬ ਦਾ ਇੱਕ ਦਫਤਰ ਸਥਾਪਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਅੱਗੇ ਲਿਜਾਣ ਲਈ ਸੁਖਮਿੰਦਰ ਸਿੰਘ ਹੰਸਰਾ, ਸਰਦੂਲ ਸਿੰਘ ਘੁਮਾਣ, ਟਹਿਲ ਸਿੰਘ ਬਰਾੜ ਅਤੇ ਜੋਗਿੰਦਰ ਸਿੰਘ ਗਰੇਵਾਲ ਦੇ ਆਧਾਰ ਤੇ ਕਮੇਟੀ ਦਾ ਗਠਿਨ ਕੀਤਾ ਗਿਆ ਹੈ ਜੋ ਦਸੰਬਰ 2009 ਤੱਕ ਕਲੱਬ ਨੂੰ ਰਿਪੋਰਟ ਦੇਣਗੇ।
ਪੰਜਾਬੀ ਪ੍ਰੈੱਸ ਕਲੱਬ ਦੀ ਸੰਨ 2009-2010 ਦੇ ਕੋਆਡੀਨੇਸ਼ਨ ਦੀ ਨਿਯੁਕਤੀ ਲਈ ਇਸ ਮੌਕੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਪ੍ਰੈੱਸ ਕਲੱਬ ਦੇ ਕੋਆਰਡੀਨੇਟਰ ਦੀ ਡਿਊਟੀ ਇਹੀ ਹੁੰਦੀ ਹੈ ਕਿ ਆਉਣ ਵਾਲੇ ਵਰ੍ਹੇ ਵਿੱਚ ਮੀਡੀਆ ਦੇ ਰੋਲ ਨੂੰ ਹੋਰ ਅਸਰਦਾਇਕ ਬਣਾਉਣ ਲਈ ਯਤਨਸ਼ੀਲ ਰਹਿਣਾ ਹੈ।
ਖਜਾਨਚੀ ਲਈ ਜੋਗਿੰਦਰ ਸਿੰਘ ਗਰੇਵਾਲ ਅਤੇ ਬੌਬ ਦੁਸਾਂਝ ਨੂੰ ਸਹਿ ਖਜਾਨਚੀ ਨਾਮਜਦ ਕਰ ਦਿੱਤਾ ਗਿਆ। ਕੋਆਰਡੀਨੇਟਰ ਅਵਤਾਰ ਸਿੰਘ ਰੱਖੜਾ ਅਤੇ ਸਹਿ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਾਨ ਨੂੰ ਨਾਮਜਦ ਕਰ ਦਿੱਤਾ ਗਿਆ।
ਇਸ ਮੌਕੇ ਮਤੇ ਪਾਸ ਕਰਕੇ ਜੋਗਿੰਦਰ ਸਿੰਘ ਗਰੇਵਾਲ, ਬੌਬ ਦੁਸਾਂਝ, ਸ਼ਾਨੇ ਦਰਬਾਰ ਅਤੇ ਚਾਂਦਨੀ ਬੈਂਕੁਐਟ ਹਾਲ ਦਾ ਧੰਨਵਾਦ ਕੀਤਾ ਗਿਆ।
ਨਵ ਨਿਯੁਕਤ ਕੋਆਰਡੀਨੇਟਰ ਅਵਤਾਰ ਸਿੰਘ ਰੱਖੜਾ ਨੇ ਇਸ ਜ਼ਿੰਮੇਵਾਰੀ ਨੂੰ ਸਵਿਕਾਰ ਕਰਦਿਆਂ ਕਿਹਾ ਕਿ ਮੈਂ ਇਸਦੇ ਕਾਬਲ ਤਾਂ ਨਹੀਂ ਪਰ ਮੀਡੀਏ ਵਿੱਚ ਕੁੱਝ ਤਜ਼ਰਬਾ ਹੋਣ ਸਦਕਾ ਮੈਂ ਪੂਰੀ ਲਗਨ ਨਾਲ ਕੰਮ ਕਰਨ ਦਾ ਵਾਅਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੋਆਰਡੀਨੇਟਰ ਦੀ ਪੁਜੀਸ਼ਨ ਤਾਂ ਇੱਕ ਕਾਰਵਾਈ ਹੈ ਪਰ ਅਸੀਂ ਮਿਲ ਕੇ ਸਾਰੇ ਪ੍ਰਾਜੈਕਟ ਨੇਪਰੇ ਚਾੜਨੇ ਹਨ ਅਤੇ ਇਸ ਵਿੱਚ ਟੀਮ ਵਰਕ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕਦੀ ਸੰਕੋਚ ਨਹੀਂ ਕੀਤਾ ਕਿ ਵੱਡੇ ਜਾਂ ਛੋਟੇ ਤੋਂ ਰਾਇ ਨਾ ਲਈ ਜਾਵੇ। ਆਈਸ ਹਾਕੀ ਦੀ ਟੀਮ ਦੇ ਕੈਪਟਨ ਦੀ ਟੀ ਸ਼ਰਟ ਤੇ “ਸੀ” ਪਈ ਹੁੰਦੀ ਹੈ ਪਰ ਜਿੱਤ ਟੀਮ ਦੀ ਕਾਰਗੁਜ਼ਾਰੀ ਤੇ ਹੀ ਨਿਰਭਰ ਕਰਦੀ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ 110% ਨਤੀਜੇ ਦੇ ਸਕਾਂ ਅਤੇ ਤੁਹਾਡੀਆਂ ਉਮੀਦਾਂ ਅਤੇ ਉਮੰਗਾਂ ਤੇ ਖਰਾ ਉਤਰ ਸਕਾਂ। ਉਪਰੰਤ ਸ਼ਾਨੇ ਦਰਬਾਰ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਡਿਨਰ ਕੀਤਾ ਅਤੇ ਗੁਰਦੀਪ ਸਿੰਘ ਅਤੇ ਮੁਹੰਮਦ ਇਰਸ਼ਾਦ ਨਾਲ ਮਹਿਫਲ ਸਜਾਈ। ਡਿਨਰ ਵਿੱਚ ਸ਼ਾਮਲ ਹੋ ਕੇ ਗੁਰਸ਼ਰਨ ਮਾਨ ਨੇ ਸਮੂਹ ਮੈਂਬਰਾਂ ਨੂੰ ਸੁਰਮਈ ਸ਼ਾਮ ਨੂੰ ਕਾਮਯਾਬ ਕਰਨ ਦੀ ਬੇਨਤੀ ਕੀਤੀ। ਕੁਲ ਮਿਲਾ ਕੇ ਸੰਨ 2009 ਦੀ ਇਸ ਅੱਠਵੀਂ ਸਲਾਨਾ ਕਾਨਫਰੰਸ ਬੇਹੱਦ ਸਫਲ ਕਹੀ ਜਾ ਸਕਦੀ ਹੈ।
ਸਲਾਨਾ ਕਾਨਫਰੰਸ (ਅਕਤੂਬਰ 12-2009) ਨੂੰ ਪਾਸ ਕੀਤੇ ਮਤੇ
ਮਤਾ ਨੰਬਰ 1:- ਜਿਹੜੇ ਮੈਂਬਰ ਪ੍ਰੈੱਸ ਕਲੱਬ ਦੀ ਇਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੁੰਦੇ, ਸਲਾਨਾ ਫੀਸ ਅਤੇ ਗਾਲਾ ਦੀ ਫੀਸ ਅਦਾ ਨਹੀਂ ਕਰਦੇ ਤਾਂ ਉਕਤ ਮੈਂਬਰ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਜਾਵੇਗਾ ਕਿ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਰੋਕਿਆ ਜਾ ਰਿਹਾ ਹੈ।
ਇਸ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮਤਾ ਨੰਬਰ 2:- ਪ੍ਰੈੱਸ ਕਲੱਬ ਵਲੋਂ ਪੰਜਾਬੀ ਦੀ ਡਿਕਸ਼ਨਰੀ ਬਣਾਈ ਜਾਵੇਗੀ। ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਡਾæ ਸਲਮਾਨ ਨਾਜ਼, ਕਿਰਪਾਲ ਸਿੰਘ ਪੰਨੂ, ਡਾæ ਬਲਜਿੰਦਰ ਸਿੰਘ ਸੇਖੋਂ ਅਤੇ ਜੋਗਿੰਦਰ ਸਿੰਘ ਗਰੇਵਾਲ ਨੂੰ ਨਾਮਜਦ ਕੀਤਾ ਗਿਆ ਹੈ। ਜੋਗਿੰਦਰ ਸਿੰਘ ਗਰੇਵਾਲ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਅਗਲੀ ਮੀਟਿੰਗ ਵਿੱਚ ਇਸਦਾ ਪ੍ਰਾਜੈਕਟ ਬਣਾ ਕੇ ਪੇਸ਼ ਕੀਤਾ ਜਾਵੇਗਾ।
ਮਤਾ ਨੰਬਰ 3:- ਪੰਜਾਬੀ ਪ੍ਰੈੱਸ ਕਲੱਬ ਵਲੋਂ ਪੰਜਾਬੀ ਸ਼ਬਦਾਂ ਦੇ ਉਚਾਰਣ ਲਈ ਇੱਕ ਅੱਖਰਮਾਲਾ ਤਿਆਰ ਕੀਤੀ ਜਾਵੇਗੀ ਤਾਂ ਕਿ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਇਹ ਅੱਖਰਮਾਲਾ ਮੁਹਈਆਂ ਕਰਵਾਈ ਜਾਵੇ ਤਾਂ ਕਿ ਪੰਜਾਬੀ ਭਾਸ਼ਾ ਨੂੰ ਸੰਵਾਰਿਆ ਜਾ ਸਕੇ। ਇਸ ਲਈ ਡਾæ ਨਾਜ਼ ਅਤੇ ਜੋਗਿੰਦਰ ਸਿੰਘ ਗਰੇਵਾਲ ਨੂੰ ਜ਼ਿੰਮੇਵਾਰੀ ਸੌਂਪੀ ਗਈ। ਉਹ ਅਗਲੇ ਦੋ ਮਹੀਨਿਆਂ ਵਿੱਚ (ਦਸੰਬਰ 2009 ਦੇ ਅਖੀਰ ਤੱਕ) ਅੱਖਰਮਾਲਾ ਤਿਆਰ ਕੀਤੀ ਜਾਵੇਗੀ।
ਮਤਾ ਨੰਬਰ 4:- ਸਮਾਜ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕਾਂ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਮੀਡੀਏ ਨੂੰ ਸਾਥ ਦੇਣ ਤੋਂ ਗੁਰੇਜ਼ ਕੀਤਾ ਜਾਵੇ, ਜਿਹੜੇ ਭਾਈਚਾਰੇ ਵਿੱਚ ਗਲਤ ਐਡਾਂ ਪ੍ਰਕਾਸ਼ਤ ਕਰਦੇ ਹਨ। ਅਗਰ ਕੋਈ ਸੰਸਥਾ ਪੰਜਾਬੀ ਪ੍ਰੈੱਸ ਕਲੱਬ ਦੀ ਇਸ ਬੇਨਤੀ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਇਸ ਬਾਰੇ ਪ੍ਰੈੱਸ ਕਲੱਬ ਦੀਆਂ ਮੀਟਿੰਗਾਂ ਵਿੱਚ ਵਿਚਾਰਿਆ ਜਾਵੇਗਾ। ਇਸ ਬਾਰੇ ਰੇਡੀਓ, ਟੈਲੀਵਿਯਨ ਅਤੇ ਅਖਬਾਰਾਂ ਵਿੱਚ ਚਰਚਾ ਕੀਤੀ ਜਾਵੇਗੀ।
ਮਤਾ ਨੰਬਰ 5:-ਪੰਜਾਬੀ ਪ੍ਰੈੱਸ ਕਲੱਬ ਦੀ ਜਿੰਗਲ ਤਿਆਰ ਕੀਤੀ ਜਾਵੇ ਜਿਹੜੀ ਰੇਡੀਓ ਟੀਵੀ ਤੇ ਵਜਾਈ ਜਾਵੇਗੀ।
ਮਤਾ ਨੰਬਰ 6:- ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਵਲੋਂ ਗੁੰਮਰਾਹਕੁੰਨ ਮਸ਼ਹੂਰੀਆਂ ਛਾਪਣ ਵਾਲਿਆਂ ਵਿਰੁੱਧ ਕਾਨੂੰਨੀ ਲੜਾਈ ਨੂੰ ਅੱਗੇ ਤੋਰਨ, ਪ੍ਰੈੱਸ ਕਲੱਬ ਇਨ੍ਹਾਂ ਦਾ ਹਰ ਪਹਿਲੂ ਤੋਂ ਸਹਿਯੋਗ ਦੇਵੇਗੀ।
ਮਤਾ ਨੰਬਰ 7:- ਕੈਲਗਰੀ ਐਂਟੀ ਡਰੱਗ ਆਰਗੇਨਾਈਜੇਸ਼ਨ ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਜਿਹੜੇ ਉਨਟਾਰੀਓ ਤੋਂ ਬਾਅਦ ਅਲਬਰਟਾ ਵਿੱਚ ਡੋਡਿਆਂ ਦੇ ਮੁੱਦੇ ਨੂੰ ਉਭਾਰ ਰਹੇ ਹਨ। ਉਨਟਾਰੀਓ ਦੇ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਟਰਾਂਟੋ ਵਿੱਚ ਸਮਾਜਿਕ ਸੰਸਥਾ ਬਣਾ ਕੇ ਡਰੱਗ ਸਮਗਲਿੰਗ ਬਾਰੇ ਲਗਾਤਾਰ ਪ੍ਰਚਾਰ ਕਰਨ ਦੇ ਉਪਰਾਲੇ ਕਰਨ।
ਮਤਾ ਨੰਬਰ 8:- ਟਰਾਂਟੋ ਸਟਾਰ ਦੀ ਪੱਤਰਕਾਰ ਰਵੀਨਾ ਔਲਖ ਦੀ ਪ੍ਰਸੰਸਾ ਕੀਤੀ ਜਾਂਦੀ ਹੈ।
ਮਤਾ ਨੰਬਰ 9:- ਪੀਲੀ ਪੱਤਰਕਾਰੀ, ਸਮਾਜ ਲਈ ਘਾਤਕ ਹੈ। ਪ੍ਰੀਵਾਰਿਕ ਮਸਲਿਆਂ ਨੂੰ ਰੇਡੀਓ ਮਾਧਿਅਮ ਰਾਹੀਂ ਖਿਲਾਰਨਾ ਅਤਿ ਨਿੰਦਣਯੋਗ ਹੈ। ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਤੱਥਹੀਣ ਪੱਤਰਕਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਗੈਰ ਪ੍ਰੈੱਸ ਕਲੱਬ ਮੈਂਬਰਾਂ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਤਾ ਨੰਬਰ 10:- ਪੰਜਾਬੀ ਪ੍ਰੈੱਸ ਕਲੱਬ ਵਲੋਂ ਮਾਰਕੀਟਿੰਗ ਫਰਮ ਹਾਇਰ ਕੀਤੀ ਜਾਵੇਗੀ।
ਮਤਾ ਨੰਬਰ 11:- ਪੰਜਾਬੀ ਪ੍ਰੈੱਸ ਕਲੱਬ ਵਲੋਂ ਐਲਾਨ ਕੀਤਾ ਜਾਂਦਾ ਹੈ ਕਿ ਕਲੱਬ ਦੇ ਮੈਂਬਰਾਂ ਦੇ ਪੈਸੇ ਮਾਰਨ ਵਾਲੇ ਗਾਹਕਾਂ ਦੀ ਸੂਚੀ ਪ੍ਰੈੱਸ ਕਲੱਬ ਨੂੰ ਦਿੱਤੀ ਜਾਵੇ। ਇੱਕ ਕਾਨੂੰਨੀ ਫਰਮ ਨਾਲ ਰਾਬਤਾ ਕੀਤਾ ਜਾਵੇਗਾ ਤਾਂ ਕਿ ਇਸ ਬਾਰੇ ਸਾਂਝਾ ਐਕਸ਼ਨ ਲੈਣ ਦੀ ਚਾਰਾਜੋਈ ਕੀਤੀ ਜਾਵੇਗੀ।
ਮਤਾ ਨੰਬਰ 12:- ਪੰਜਾਬੀ ਪ੍ਰੈੱਸ ਕਲੱਬ ਦੀ ਪੰਦਰਵਾੜਾ ਮੀਟਿੰਗ ਹਰ ਦੂਸਰੇ ਅਤੇ ਚੌਥੈ ਸ਼ੁਕਰਵਾਰ ਨੂੰ ਸ਼ਾਨੇ ਦਰਬਾਰ ਵਿੱਚ ਸ਼ਾਮ ਦੇ 7 ਵਜੇ ਹੋਵੇਗੀ। ਕੋਈ ਵੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੰਸਥਾ ਜਾਂ ਆਗੂ ਇਸ ਮੀਟਿੰਗ ਵਿੱਚ ਕੋਆਰਡੀਨੇਰਟ ਨਾਲ ਸੰਪਰਕ ਕਰਕੇ ਸ਼ਾਮਲ ਹੋ ਸਕਦਾ ਹੈ।
ਮਤਾ ਨੰਬਰ 13:- ਪੰਜਾਬੀ ਪ੍ਰੈੱਸ ਕਲੱਬ ਦੀ ਵੈਬਸਾਈਟ ਨੂੰ ਹੋਰ ਆਕਰਸ਼ਿਕ ਬਣਾਇਆ ਜਾਵੇਗਾ। ਵੈਬਸਾਈਟ ਤੇ ਹਰ ਰੋਜ਼ ਖਬਰਾਂ ਨੂੰ ਅੱਪਡੇਟ ਕੀਤਾ ਜਾਇਆ ਕਰੇਗਾ।
ਮਤਾ ਨੰਬਰ 14:- ਫਰਵਰੀ 2010 ਵਿੱਚ ਯੂਥ ਵਾਏਲੰਸ ਅਤੇ ਡੁਮੈਸਟਿੱਕ ਵਾਇਲੈਂਸ ਤੇ ਕਾਨਫਰੰਸ ਕਰਵਾਈ ਜਾਵੇਗੀ, ਜਿਸ ਨੂੰ ਟਹਿਲ ਸਿੰਘ ਬਰਾੜ ਅਤੇ ਮਨਜੀਤ ਸਿੰਘ ਮਾਂਗਟ ਨੋਪਰੇ ਚਾੜਨਗੇ। ਮਈ 2010 ਵਿੱਚ ਨਾਰਥ ਅਮਰੀਕਨ ਪੰਜਾਬੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਉੱਤਰੀ ਅਮਰੀਕਾ ਦੇ ਨਾਮਵਰ ਲੇਖਕਾਂ, ਕਹਾਣੀਕਾਰਾਂ ਅਤੇ ਮੀਡੀਆਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਡਾæ ਸਲਮਾਨ ਨਾਜ਼, ਜੁਗਰਾਜ ਸਿੰਘ ਸਿੱਧੂ ਅਤੇ ਦਿਲਬਾਗ ਸਿੰਘ ਚਾਵਲਾ ਦੇ ਨਾਮ ਹਨ।
ਮਤਾ ਨੰਬਰ 15:- ਅਵਤਾਰ ਸਿੰਘ ਰੱਖੜਾ ਨੂੰ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਮਾਨ ਨੂੰ ਸਹਿ ਕੋਆਰਡੀਨੇਟਰ, ਜੋਗਿੰਦਰ ਸਿੰਘ ਗਰੇਵਾਲ ਨੂੰ ਖਜਾਨਚੀ ਅਤੇ ਬੌਬ ਦੁਸਾਂਝ ਨੂੰ ਸਹਿ ਖਜਾਨਚੀ ਨਾਮਜਦ ਕੀਤਾ ਗਿਆ ਹੈ।





